Bible 2 India Mobile
[VER] : [PUNJABI]     [PL]  [PB] 
 <<  Philemon 1 >> 

1ਪੌਲੁਸ ਵੱਲੋਂ, ਜਿਹੜਾ ਮਸੀਹ ਯਿਸੂ ਦਾ ਕੈਦੀ ਹਾਂ ਅਤੇ ਭਰਾ ਤਿਮੋਥਿਉਸ ਵੱਲੋਂ । ਅੱਗੇ ਯੋਗ ਸਾਡੇ ਪਿਆਰੇ ਅਤੇ ਸਹਿਕਰਮੀ ਫਿਲੇਮੋਨ l

2ਅਤੇ ਸਾਡੀ ਭੈਣ ਅੱਫਿਆ, ਸਾਡੇ ਨਾਲ ਦੇ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸਿਯਾ ਨੂੰ ਜੋ ਤੇਰੇ ਘਰ ਵਿੱਚ ਹੈ ।

3ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।

4ਤੇਰਾ ਪਿਆਰ ਅਤੇ ਵਿਸ਼ਵਾਸ ਜੋ ਪ੍ਰਭੂ ਯਿਸੂ ਅਤੇ ਸਭਨਾਂ ਸੰਤਾਂ ਦੇ ਨਾਲ ਹੈ ।

5ਉਹ ਦੀ ਖ਼ਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੇਰੀ ਗੱਲ ਕਰਦਿਆਂ, ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ।

6ਜੋ ਤੇਰੇ ਵਿਸ਼ਵਾਸ ਦੀ ਸਾਂਝ, ਤੁਹਾਡੀ ਹਰੇਕ ਨੇਕੀ ਦੀ ਪਛਾਣ ਦੇ ਦੁਆਰਾ ਜੋ ਮਸੀਹ ਵਿੱਚ ਹੈ, ਪ੍ਰਭਾਵਸ਼ਾਲੀ ਹੋਵੇ ।

7ਕਿਉਂ ਜੋ ਭਰਾ, ਤੇਰੇ ਪਿਆਰ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ, ਇਸ ਲਈ ਜੋ ਤੇਰੇ ਕਾਰਨ ਸੰਤਾਂ ਦਾ ਦਿਲ ਤਰੋ ਤਾਜ਼ਾ ਹੋਇਆ ਹੈ ।

8ਸੋ ਭਾਵੇਂ ਮਸੀਹ ਵਿੱਚ ਮੈਨੂੰ ਦਲੇਰੀ ਤਾਂ ਬਹੁਤ ਹੈ ਕਿ ਜੋ ਕੁੱਝ ਉੱਚਿਤ ਹੈ ਉਸ ਵਿਖੇ ਤੈਨੂੰ ਹੁਕਮ ਦੇਵਾਂ ।

9ਪਰ ਪਿਆਰ ਦਾ ਵਾਸਤਾ ਪਾ ਕੇ ਮੈਂ ਪੌਲੁਸ ਬੁੱਢਾ ਅਤੇ ਮਸੀਹ ਯਿਸੂ ਦਾ ਕੈਦੀ ਵੀ ਹੋ ਕੇ ਬੇਨਤੀ ਕਰਦਾ ਹਾਂ ।

10ਮੈਂ ਆਪਣੇ ਬੱਚੇ ਉਨੇਸਿਮੁਸ ਦੇ ਲਈ ਜਿਸਨੇ ਕੈਦ ਵਿੱਚ ਮੇਰੇ ਤੋਂ ਜਨਮ ਲਿਆ ਤੇਰੇ ਅੱਗੇ ਬੇਨਤੀ ਕਰਦਾ ਹਾਂ l

11ਜਿਹੜਾ ਪਹਿਲਾਂ ਤੇਰੇ ਕਿਸੇ ਕੰਮ ਦਾ ਨਹੀਂ ਸੀ, ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ ।

12ਉਸੇ ਨੂੰ ਜੋ ਮੇਰੇ ਆਪਣੇ ਕਲੇਜੇ ਦਾ ਟੁਕੜਾ ਹੈ, ਮੈਂ ਤੇਰੇ ਕੋਲ ਵਾਪਿਸ ਭੇਜਿਆ ਹੈ ।

13ਮੈਂ ਚਾਹੁੰਦਾ ਸੀ ਜੋ ਉਹ ਨੂੰ ਆਪਣੇ ਹੀ ਕੋਲ ਰੱਖਾਂ, ਤਾਂ ਕਿ ਤੇਰੇ ਵੱਲੋਂ ਖੁਸ਼ਖਬਰੀ ਦੇ ਬੰਧਨਾਂ ਵਿੱਚ ਮੇਰੀ ਸੇਵਾ ਕਰੇ ।

14ਪਰ ਤੇਰੀ ਸਲਾਹ ਬਿਨ੍ਹਾਂ ਮੈਂ ਕੁੱਝ ਕਰਨਾ ਨਾ ਚਾਹਿਆ, ਤਾਂ ਜੋ ਤੇਰੀ ਇਹ ਭਲਾਈ ਮਜ਼ਬੂਰੀ ਨਾਲ ਨਹੀਂ, ਸਗੋਂ ਤੇਰੀ ਸਵੈ ਇੱਛਾ ਨਾਲ ਹੋਵੇ ।

15ਕਿਉਂ ਜੋ ਕੀ ਜਾਣੀਏ ਭਈ ਉਹ ਥੋੜ੍ਹਾ ਚਿਰ ਇਸ ਲਈ ਤੇਰੇ ਤੋਂ ਅਲੱਗ ਹੋਇਆ, ਤਾਂ ਕਿ ਉਹ ਸਦਾ ਤੇਰੇ ਨਜਦੀਕ ਰਹੇ ।

16ਅੱਗੇ ਨੂੰ ਦਾਸ ਵਾਂਗੂੰ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ, ਖ਼ਾਸ ਕਰਕੇ ਮੇਰੇ ਲਈ, ਪਰ ਕਿੰਨ੍ਹਾਂ ਵਧੀਕ ਸਰੀਰ ਅਤੇ ਪ੍ਰਭੂ ਵਿੱਚ ਤੇਰਾ ਪਿਆਰਾ ਹੋਵੇਗਾ !

17ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈਂ, ਤਾਂ ਜਿਵੇਂ ਮੈਨੂੰ ਕਬੂਲ ਕਰਦਾ ਹੈ ਤਿਵੇਂ ਉਹ ਨੂੰ ਕਬੂਲ ਕਰ ।

18ਅਤੇ ਜੇ ਉਹ ਨੇ ਤੇਰਾ ਕੁੱਝ ਨੁਕਸਾਨ ਕੀਤਾ ਹੋਵੇ ਅਥਵਾ ਤੇਰਾ ਕੁੱਝ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਨਾਮ ਲਿਖ ਲਵੀਂ ।

19ਮੈਂ ਪੌਲੁਸ ਹਾਂ ਅਤੇ ਆਪਣੇ ਹੱਥੀਂ ਲਿਖਿਆ ਹੈ, ਮੈਂ ਹੀ ਭਰ ਦਿਆਂਗਾ ਜੋ ਮੈਂ ਤੈਨੂੰ ਇਹ ਨਾ ਆਖਾਂ ਭਈ ਮੇਰਾ ਕਰਜ਼ ਜੋ ਤੂੰ ਦੇਣਾ ਹੈ, ਸੋ ਤੂੰ ਆਪ ਹੀ ਹੈ !

20ਹਾਂ, ਭਰਾਵਾ, ਤੇਰੇ ਤੋਂ ਪ੍ਰਭੂ ਵਿੱਚ ਮੈਨੂੰ ਅਨੰਦ ਪ੍ਰਾਪਤ ਹੋਵੇ । ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ ।

21ਤੇਰੀ ਆਗਿਆਕਾਰੀ ਉੱਤੇ ਭਰੋਸਾ ਰੱਖ ਕੇ ਮੈਂ ਤੈਨੂੰ ਲਿਖਿਆ ਹੈ, ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁੱਝ ਮੈਂ ਆਖਦਾ ਹਾਂ ਤੂੰ ਉਸ ਤੋਂ ਵੱਧ ਕਰੇਂਗਾ ।

22ਅਤੇ ਕੋਈ ਠਹਿਰਨ ਦਾ ਥਾਂ ਮੇਰੇ ਲਈ ਤਿਆਰ ਕਰ ਰੱਖ, ਕਿਉਂ ਜੋ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਤੁਹਾਨੂੰ ਬਖਸ਼ਿਆ ਜਾਂਵਾਂਗਾ ।

23ਇਪਫ਼ਰਾਸ ਜਿਹੜਾ ਮਸੀਹ ਯਿਸੂ ਦੇ ਨਮਿੱਤ ਕੈਦ ਵਿੱਚ ਮੇਰਾ ਸਾਥੀ ਹੈ,

24ਅਤੇ ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਜੋ ਮੇਰੇ ਨਾਲ ਦੇ ਕੰਮ ਕਰਨ ਵਾਲੇ ਤੇਰੀ ਸੁੱਖ-ਸਾਂਦ ਪੁੱਛਦੇ ਹਨ ।

25ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ । ਆਮੀਨ ।


  Share Facebook  |  Share Twitter

 <<  Philemon 1 >> 


Bible2india.com
© 2010-2024
Help
Dual Panel

Laporan Masalah/Saran