Bible 2 India Mobile
[VER] : [PUNJABI]     [PL]  [PB] 
 <<  2 Kings 1 >> 

1ਅਹਾਬ ਦੀ ਮੌਤ ਤੋਂ ਬਾਅਦ ਮੋਆਬ ਇਸਰਾਏਲ ਤੋਂ ਬਾਗੀ ਹੋ ਗਿਆ ।

2ਅਹਜ਼ਯਾਹ ਆਪਣੇ ਉਸ ਚੁਬਾਰੇ ਦੀ ਜਾਲੀਦਾਰ ਤਾਕੀ ਵਿੱਚੋਂ ਜਿਹੜਾ ਸਾਮਰਿਯਾ ਵਿੱਚ ਸੀ ਡਿੱਗ ਪਿਆ ਤੇ ਬੀਮਾਰ ਪੈ ਗਿਆ । ਸੋ ਉਸ ਨੇ ਸੰਦੇਸ਼ਵਾਹਕਾਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਅਕਰੋਨ ਦੇ ਦੇਵਤੇ ਬਆਲ-ਜਬੂਬ ਨੂੰ ਜਾ ਕੇ ਪੁੱਛੋ, “ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ ? ”

3ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ ਕਿ ਉੱਠ ਤੇ ਸਾਮਰਿਯਾ ਦੇ ਰਾਜੇ ਦੇ ਸੰਦੇਸ਼ਵਾਹਕਾਂ ਨੂੰ ਮਿਲਣ ਲਈ ਜਾ ਅਤੇ ਉਨ੍ਹਾਂ ਨੂੰ ਕਹਿ, “ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ, ਜੋ ਤੁਸੀਂ ਅਕਰੋਨ ਦੇ ਦੇਵਤੇ ਬਆਲ-ਜਬੂਬ ਤੋਂ ਪੁੱਛਣ ਚੱਲੇ ਹੋ ?

4ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਿਸ ਬਿਸਤਰ ਉੱਤੇ ਤੂੰ ਪਿਆ ਹੈਂ, ਉਸ ਤੋਂ ਤੂੰ ਨਹੀਂ ਉੱਠੇਂਗਾ ਸਗੋਂ ਤੂੰ ਜ਼ਰੂਰ ਮਰੇਂਗਾ ।” ਤਦ ਏਲੀਯਾਹ ਤੁਰ ਪਿਆ ।

5ਜਦ ਸੰਦੇਸ਼ਵਾਹਕ ਮੁੜ ਕੇ ਉਸ ਕੋਲ ਆਏ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਉਂ ਮੁੜ ਆਏ ? ”

6ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਇੱਕ ਮਨੁੱਖ ਸਾਨੂੰ ਮਿਲਣ ਲਈ ਆਇਆ ਅਤੇ ਸਾਨੂੰ ਆਖਿਆ ਕਿ ਜਿਸ ਰਾਜੇ ਨੇ ਤੁਹਾਨੂੰ ਭੇਜਿਆ ਉਸ ਦੇ ਕੋਲ ਮੁੜ ਜਾਓ ਅਤੇ ਉਸ ਨੂੰ ਆਖੋ ਕਿ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ, ‘ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜੋ ਤੂੰ ਅਕਰੋਨ ਦੇ ਦੇਵਤੇ ਬਆਲ-ਜਬੂਬ ਕੋਲ ਪੁੱਛਣ ਲਈ ਭੇਜਦਾ ਹੈਂ ?’ ਇਸ ਲਈ ਜਿਸ ਬਿਸਤਰ ਉੱਤੇ ਤੂੰ ਪਿਆ ਹੈਂ, ਉਸ ਤੋਂ ਤੂੰ ਨਹੀਂ ਉੱਠੇਂਗਾ ਸਗੋਂ ਤੂੰ ਜ਼ਰੂਰ ਮਰੇਂਗਾ ।”

7ਤਦ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਉਹ ਕਿਹੋ ਜਿਹਾ ਮਨੁੱਖ ਸੀ ਜਿਹੜਾ ਤੁਹਾਨੂੰ ਮਿਲਣ ਲਈ ਆਇਆ ਤੇ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ?

8ਉਨ੍ਹਾਂ ਨੇ ਉਸ ਨੂੰ ਆਖਿਆ, “ਇੱਕ ਜੱਤ ਵਾਲਾ ਆਦਮੀ ਸੀ ਅਤੇ ਜਿਹ ਦੇ ਲੱਕ ਦੁਆਲੇ ਚਮੜੇ ਦੀ ਪੇਟੀ ਬੰਨ੍ਹੀ ਹੋਈ ਸੀ ।” ਤਦ ਉਹ ਬੋਲਿਆ, “ਉਹ ਤਾਂ ਏਲੀਯਾਹ ਤਿਸ਼ਬੀ ਹੈ ।”

9ਫਿਰ ਉਸ ਨੇ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਉਹ ਦੇ ਪੰਜਾਹ ਸਿਪਾਹੀਆਂ ਦੇ ਨਾਲ ਉਹ ਦੇ ਕੋਲ ਭੇਜਿਆ, ਤਾਂ ਉਹ ਉਹਦੇ ਕੋਲ ਗਿਆ ਅਤੇ ਵੇਖੋ ਉਹ ਇੱਕ ਟਿੱਲੇ ਦੀ ਚੋਟੀ ਉੱਤੇ ਬੈਠਾ ਸੀ । ਉਸ ਨੇ ਉਹ ਨੂੰ ਆਖਿਆ, “ਹੇ ਪਰਮੇਸ਼ੁਰ ਦੇ ਬੰਦੇ, ਰਾਜਾ ਨੇ ਆਖਿਆ ਹੈ ਕਿ ਉਤਰ ਆ ।”

10ਏਲੀਯਾਹ ਨੇ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਉੱਤਰ ਦਿੱਤਾ ਕਿ ਜੇ ਮੈਂ ਪਰਮੇਸ਼ੁਰ ਦਾ ਬੰਦਾ ਹਾਂ, ਤਾਂ ਅਕਾਸ਼ੋਂ ਅੱਗ ਉਤਰੇ ਤੇ ਤੈਨੂੰ ਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ । ਤਦ ਅਕਾਸ਼ੋਂ ਅੱਗ ਉਤਰੀ ਅਤੇ ਉਸ ਨੂੰ ਅਤੇ ਉਸ ਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ ।

11ਫੇਰ ਉਸ ਨੇ ਪੰਜਾਹ ਸਿਪਾਹੀਆਂ ਦੇ ਦੂਜੇ ਸਰਦਾਰ ਨੂੰ ਉਸ ਦੇ ਪੰਜਾਹਾਂ ਨਾਲ ਉਹ ਦੇ ਕੋਲ ਭੇਜਿਆ । ਉਸ ਉਹ ਨੂੰ ਉੱਤਰ ਦਿੱਤਾ ਕਿ ਹੇ ਪਰਮੇਸ਼ੁਰ ਦੇ ਬੰਦੇ, ਰਾਜਾ ਨੇ ਇਸ ਤਰ੍ਹਾਂ ਆਖਿਆ ਹੈ ਕਿ ਛੇਤੀ ਉਤਰ ਆ ।

12ਤਦ ਏਲੀਯਾਹ ਨੇ ਉਸ ਨੂੰ ਉੱਤਰ ਦਿੱਤਾ ਕਿ ਜੇ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਅਕਾਸ਼ੋਂ ਅੱਗ ਉਤਰੇ ਅਤੇ ਤੈਨੂੰ ਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ । ਤਦ ਪਰਮੇਸ਼ੁਰ ਦੀ ਅੱਗ ਅਕਾਸ਼ੋਂ ਉਤਰੀ ਅਤੇ ਉਸ ਨੂੰ ਤੇ ਉਸ ਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ ।

13ਤਦ ਉਸ ਨੇ ਫੇਰ ਤੀਸਰੇ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਉਸ ਦੇ ਪੰਜਾਹਾਂ ਦੇ ਨਾਲ ਭੇਜਿਆ, ਤਾਂ ਤੀਜਾ ਪੰਜਾਹਾਂ ਦਾ ਸਰਦਾਰ ਉੱਤੇ ਚੜ੍ਹ ਕੇ ਨੇੜੇ ਗਿਆ ਤੇ ਏਲੀਯਾਹ ਦੇ ਅੱਗੇ ਗੋਡੇ ਨਿਵਾਏ ਅਤੇ ਅਰਦਾਸ ਕਰ ਕੇ ਉਹ ਨੂੰ ਆਖਿਆ, “ਹੇ ਪਰਮੇਸ਼ੁਰ ਦੇ ਬੰਦੇ, ਮੇਰੀ ਜਾਨ ਅਤੇ ਇਨ੍ਹਾਂ ਪੰਜਾਹਾਂ ਦਾਸਾਂ ਦੀਆਂ ਜਾਨਾਂ ਤੇਰੀ ਨਿਗਾਹ ਵਿੱਚ ਬਹੁ ਮੁੱਲੀਆਂ ਹੋਣ ।

14ਵੇਖ, ਅਕਾਸ਼ੋਂ ਅੱਗ ਉਤਰੀ ਅਤੇ ਪੰਜਾਹ-ਪੰਜਾਹ ਦੇ ਪਹਿਲੇ ਦੋ ਸਰਦਾਰਾਂ ਤੇ ਉਨ੍ਹਾਂ ਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ । ਪਰ ਹੁਣ ਮੇਰੀ ਜਾਨ ਤੇਰੀ ਨਿਗਾਹ ਵਿੱਚ ਬਹੁ ਮੁੱਲੀ ਹੋਵੇ ।”

15ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਆਖਿਆ, “ਉਸ ਦੇ ਨਾਲ ਹੇਠਾਂ ਜਾ ਤੇ ਉਸ ਦੇ ਕੋਲੋਂ ਨਾ ਡਰ ।” ਤਦ ਉਹ ਉੱਠ ਕੇ ਉਸ ਦੇ ਨਾਲ ਰਾਜਾ ਕੋਲ ਉਤਰ ਗਿਆ ।

16ਤੇ ਉਸ ਨੂੰ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਤੂੰ ਜੋ ਅਕਰੋਨ ਦੇ ਦੇਵਤੇ ਬਆਲ-ਜਬੂਬ ਦੇ ਕੋਲ ਪੁੱਛਣ ਲਈ ਸੰਦੇਸ਼ਵਾਹਕ ਭੇਜੇ, ਕੀ ਇਸ ਲਈ ਕਿ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜਿਸ ਦੇ ਕੋਲੋਂ ਤੂੰ ਗੱਲ ਪੁੱਛ ਸਕੇਂ ? ਇਸ ਲਈ ਜਿਸ ਬਿਸਤਰ ਉੱਤੇ ਤੂੰ ਪਿਆ ਹੈਂ, ਉਸ ਤੋਂ ਤੂੰ ਨਹੀਂ ਉੱਠੇਂਗਾ ਸਗੋਂ ਤੂੰ ਜ਼ਰੂਰ ਮਰੇਂਗਾ ।”

17ਉਹ ਯਹੋਵਾਹ ਦੇ ਉਸ ਬਚਨ ਦੇ ਅਨੁਸਾਰ ਜਿਹੜਾ ਏਲੀਯਾਹ ਦੇ ਦੁਆਰਾ ਕਿਹਾ ਗਿਆ ਸੀ, ਮਰ ਗਿਆ ਅਤੇ ਇਸ ਕਰਕੇ ਕਿ ਉਸ ਦਾ ਕੋਈ ਪੁੱਤਰ ਨਹੀਂ ਸੀ ਯਹੋਸ਼ਾਫਾਟ ਦਾ ਪੁੱਤਰ ਯਹੋਰਾਮ ਯਹੂਦਾਹ ਦੇ ਰਾਜਾ ਦੇ ਦੂਜੇ ਸਾਲ ਯਹੋਰਾਮ ਉਸ ਦੇ ਥਾਂ ਰਾਜ ਕਰਨ ਲੱਗਾ ।

18ਹੁਣ ਅਹਜ਼ਯਾਹ ਦੇ ਬਾਕੀ ਕੰਮ ਜੋ ਉਸ ਨੇ ਕੀਤੇ, ਕੀ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ ?


  Share Facebook  |  Share Twitter

 <<  2 Kings 1 >> 


Bible2india.com
© 2010-2024
Help
Dual Panel

Laporan Masalah/Saran