1ਸੁਲੇਮਾਨ ਦਾ ਸਰੇਸ਼ਟ ਗੀਤ ।
2ਉਹ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ, ਕਿਉਂ ਜੋ ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ ।
3ਤੇਰੇ ਅਤਰ ਦੀ ਚੰਗੀ ਸੁਗੰਧ ਹੈ, ਤੇਰਾ ਨਾਮ ਚੋਏ ਹੋਏ ਤੇਲ ਵਰਗਾ ਹੈ, ਇਸ ਲਈ ਕੁਆਰੀਆਂ ਤੈਨੂੰ ਪਿਆਰ ਕਰਦੀਆਂ ਹਨ ।
4ਮੈਨੂੰ ਮੋਹ ਲੈ, ਅਸੀਂ ਤੇਰੇ ਪਿੱਛੇ ਦੌੜਾਂਗੀਆਂ । ਰਾਜਾ ਮੈਨੂੰ ਆਪਣੇ ਮਹਿਲ ਵਿੱਚ ਲਿਆਇਆ, ਅਸੀਂ ਤੇਰੇ ਵਿੱਚ ਬਾਗ਼-ਬਾਗ਼ ਤੇ ਅਨੰਦ ਹੋਵਾਂਗੀਆਂ, ਅਸੀਂ ਤੇਰੇ ਪ੍ਰੇਮ ਨੂੰ ਮਧ ਨਾਲੋਂ ਵੱਧ ਯਾਦ ਕਰਾਂਗੀਆਂ, ਉਹ ਸੱਚਮੁੱਚ ਤੈਨੂੰ ਪਿਆਰ ਕਰਦੀਆਂ ਹਨ ।
5ਹੇ ਯਰੂਸ਼ਲਮ ਦੀਓ ਧੀਓ, ਮੈਂ ਹਾਂ ਤਾਂ ਕਾਲੀ ਕਲੂਟੀ ਪਰ ਸੋਹਣੀ ਹਾਂ, ਕੇਦਾਰ ਦੇ ਤੰਬੂਆਂ ਵਰਗੀ, ਸੁਲੇਮਾਨ ਦੇ ਪਰਦਿਆਂ ਦੇ ਵਾਂਗੂੰ ।
6ਮੈਨੂੰ ਘੂਰ ਕੇ ਨਾ ਵੇਖੋ, ਮੈਂ ਕਾਲੀ ਕਲੂਟੀ ਹਾਂ, ਸੂਰਜ ਦੀ ਤਪਸ਼ ਨੇ ਮੈਨੂੰ ਝੁਲਸਾ ਦਿੱਤਾ । ਮੇਰੀ ਮਾਂ ਦੇ ਪੁੱਤਰ ਮੇਰੇ ਤੋਂ ਗੁੱਸੇ ਸਨ, ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਉੱਤੇ ਲਾਇਆ, ਪਰ ਮੈਂ ਆਪਣੇ ਨਿੱਜੀ ਅੰਗੂਰੀ ਬਾਗ਼ ਦੀ ਰਾਖੀ ਨਾ ਕੀਤੀ ।
7ਮੈਨੂੰ ਦੱਸ, ਹੇ ਮੇਰੇ ਪ੍ਰਾਣ ਪਿਆਰੇ, ਤੂੰ ਕਿੱਥੇ ਇੱਜੜ ਚਾਰਦਾ ਤੇ ਦੁਪਹਿਰ ਦੇ ਵੇਲੇ ਕਿੱਥੇ ਬਿਠਾਉਂਦਾ ਹੈ ? ਮੈਂ ਕਿਉਂ ਘੁੰਡ ਵਾਲੀ ਵਾਂਗੂੰ ਤੇਰੇ ਸਾਥੀਆਂ ਦੇ ਇੱਜੜਾਂ ਦੇ ਕੋਲ ਹੋਵਾਂ ?
8ਹੇ ਇਸਤਰੀਆਂ ਵਿੱਚੋਂ ਰੂਪਵੰਤੀਏ, ਜੇ ਤੂੰ ਨਹੀਂ ਜਾਣਦੀ ਤਾਂ ਤੂੰ ਇੱਜੜ ਦੀ ਪੈੜ ਉੱਤੇ ਚੱਲੀ ਜਾ ਅਤੇ ਆਪਣੀਆਂ ਮੇਮਣੀਆਂ ਨੂੰ ਆਜੜੀਆਂ ਦੇ ਵਸੇਬਿਆਂ ਕੋਲ ਚਾਰ ।
9ਹੇ ਮੇਰੀ ਪ੍ਰੀਤਮਾ, ਮੈਂ ਤੇਰੀ ਤੁਲਨਾ ਫ਼ਿਰਊਨ ਦੇ ਰਥਾਂ ਵਿੱਚ ਜੋਹੀ ਹੋਈ ਘੋੜੀ ਨਾਲ ਕੀਤੀ ਹੈ l
10ਤੇਰੀਆਂ ਗੱਲ੍ਹਾਂ ਬਾਲ਼ੀਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ ।
11ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ ।
12ਜਦ ਤੱਕ ਰਾਜਾ ਆਪਣੀ ਮੇਜ਼ ਤੇ ਸੀ, ਮੇਰੇ ਜਟਾ-ਮਾਸੀ ਅਤਰ ਦੀ ਸੁੰਗਧ ਫੈਲਦੀ ਰਹੀ ।
13ਮੇਰਾ ਬਾਲਮ ਮੇਰੇ ਲਈ ਗੰਧਰਸ ਦੀ ਪੁੜੀ ਹੈ, ਜੋ ਮੇਰੀਆਂ ਛਾਤੀਆਂ ਵਿਚਕਾਰ ਰਾਤ ਕੱਟਦਾ ਹੈ ।
14ਮੇਰਾ ਬਾਲਮ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ, ਜੋ ਏਨ-ਗਦੀ ਦੇ ਬਗ਼ੀਚਿਆਂ ਵਿੱਚ ਹੈ ।
15ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ, ਵੇਖ, ਤੂੰ ਰੂਪਵੰਤ ਹੈ, ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ ।
16ਹੇ ਮੇਰੇ ਬਾਲਮ ਵੇਖ, ਤੂੰ ਰੂਪਵੰਤ ਹੈਂ, ਤੂੰ ਸੱਚਮੁੱਚ ਮਨ ਭਾਉਂਦਾ ਹੈਂ, ਸਾਡੀ ਸੇਜ ਹਰੀ-ਭਰੀ ਹੈ ।
17ਸਾਡੇ ਘਰ ਦੇ ਸ਼ਤੀਰ ਦਿਆਰ ਦੇ ਅਤੇ ਸਾਡੀਆਂ ਕੜੀਆਂ ਸਨੌਵਰ ਦੀਆਂ ਹਨ ।