Bible 2 India Mobile
[VER] : [PUNJABI]     [PL]  [PB] 
 <<  1 Timothy 6 >> 

1ਜਿਹੜੇ ਦਾਸ ਹਨ, ਉਹ ਆਪਣਿਆਂ ਮਾਲਕਾਂ ਨੂੰ ਪੂਰੇ ਆਦਰ ਦੇ ਯੋਗ ਸਮਝਣ ਤਾਂ ਜੋ ਪਰਮੇਸ਼ੁਰ ਦੇ ਨਾਮ ਅਤੇ ਸਿੱਖਿਆ ਦੀ ਨਿੰਦਿਆ ਨਾ ਹੋਵੇ ।

2ਅਤੇ ਜਿੰਨ੍ਹਾ ਦੇ ਮਾਲਕ ਵਿਸ਼ਵਾਸੀ ਹਨ ਉਹ ਉਨ੍ਹਾਂ ਨੂੰ ਭਾਈ ਹੋਣ ਕਰਕੇ ਤੁਛ ਨਾ ਜਾਣਨ ਪਰ ਉਨ੍ਹਾਂ ਦੀ ਹੋਰ ਵੀ ਸੇਵਾ ਕਰਨ, ਇਸ ਲਈ ਕਿ ਜਿਹੜੇ ਇਸ ਉਪਕਾਰ ਵਿੱਚ ਸਾਂਝੀ ਹਨ । ਉਹ ਨਿਹਚਾਵਾਨ ਅਤੇ ਪਿਆਰੇ ਹਨ । ਇੰਨ੍ਹਾਂ ਗੱਲਾਂ ਦੀ ਸਿੱਖਿਆ ਦੇ ਅਤੇ ਉਪਦੇਸ਼ ਕਰ ।

3ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਖਰੀਆਂ ਗੱਲਾਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ, ਨਹੀਂ ਮੰਨਦਾ ।

4ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁੱਝ ਨਹੀਂ ਜਾਣਦਾ, ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ ।

5ਅਤੇ ਬੁਰੇ ਸ਼ੱਕ ਉਨ੍ਹਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸਚਿਆਈ ਜਾਂਦੀ ਰਹੀ ਅਤੇ ਉਹ ਭਗਤੀ ਨੂੰ ਕਮਾਈ ਦਾ ਵਸੀਲਾ ਸਮਝਦੇ ਹਨ ।

6ਪਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ ।

7ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁੱਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁੱਝ ਲੈ ਜਾ ਸਕਦੇ ਹਾਂ ।

8ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ ।

9ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ ।

10ਕਿਉਂ ਜੋ ਪੈਸੇ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਰਾਹੋਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ ।

11ਪਰ ਤੂੰ ਹੇ ਪਰਮੇਸ਼ੁਰ ਦੇ ਬੰਦੇ, ਇੰਨ੍ਹਾਂ ਗੱਲਾਂ ਤੋਂ ਦੂਰ ਰਹਿ ਅਤੇ ਧਰਮ, ਭਗਤੀ, ਵਿਸ਼ਵਾਸ, ਪਿਆਰ , ਧੀਰਜ ਅਤੇ ਨਰਮਾਈ ਦੇ ਭਾਲ ਵਿੱਚ ਲੱਗਾ ਰਹਿ ।

12ਵਿਸ਼ਵਾਸ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ੍ਹੀ ਰੱਖ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੂੰ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ ।

13ਮੈਂ ਪਰਮੇਸ਼ੁਰ ਨੂੰ, ਜਿਹੜਾ ਸਭਨਾਂ ਨੂੰ ਜੀਵਨ ਬਖਸ਼ਦਾ ਹੈ ਅਤੇ ਮਸੀਹ ਯਿਸੂ ਨੂੰ ਜਿਸ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਪੱਕਾ ਕਰਾਰ ਕੀਤਾ ਸੀ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ ।

14ਕਿ ਤੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤੱਕ ਆਪਣੇ ਫ਼ਰਜ ਨੂੰ ਬੇਦਾਗ ਅਤੇ ਬੇਦੋਸ਼ ਕਰਕੇ ਰੱਖ ।

15ਜਿਹ ਨੂੰ ਉਹ ਵੇਲੇ ਸਿਰ ਪ੍ਰਗਟ ਕਰੇਗਾ, ਜਿਹੜਾ ਧੰਨ ਅਤੇ ਸਰਬ ਸ਼ਕਤੀਮਾਨ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ ।

16ਅਮਰਤਾ ਇਕੱਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸਕਦਾ ਹੈ, ਉਸੇ ਦਾ ਆਦਰ ਅਤੇ ਪਰਾਕਰਮ ਸਦਾ ਹੀ ਹੋਵੇ । ਆਮੀਨ ।

17ਜਿਹੜੇ ਇਸ ਸੰਸਾਰ ਵਿੱਚ ਧਨਵਾਨ ਹਨ ਉਹਨਾਂ ਨੂੰ ਉਪਦੇਸ਼ ਦੇ ਕਿ ਹੰਕਾਰ ਨਾ ਕਰਨ ਅਤੇ ਬੇ ਠਿਕਾਣੇ ਧਨ ਉੱਤੇ ਨਹੀਂ, ਪਰ ਪਰਮੇਸ਼ੁਰ ਉੱਤੇ ਆਸ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁੱਝ ਭਰਪੂਰੀ ਨਾਲ ਦਿੰਦਾ ਹੈ ।

18ਨਾਲੇ ਇਹ ਕਿ ਉਹ ਪਰਉਪਕਾਰੀ ਅਤੇ ਭਲੇ ਕੰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਅਤੇ ਵੰਡਣ ਨੂੰ ਤਿਆਰ ਹੋਣ ।

19ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਧਰਨ ਤਾਂ ਜੋ ਉਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ ।

20ਹੇ ਤਿਮੋਥਿਉਸ, ਉਹ ਅਮਾਨਤ ਜੋ ਤੈਨੂੰ ਸੌਂਪੀ ਗਈ ਉਸ ਦੀ ਰਖਵਾਲੀ ਕਰ ! ਜਿਹੜਾ ਝੂਠ ਵਿੱਚ ਗਿਆਨ ਅਖਵਾਉਂਦਾ ਹੈ ਉਹ ਦੀ ਗੰਦੀ ਬੁੜ-ਬੁੜ ਅਤੇ ਵਿਰੋਧਤਾਈ ਵੱਲੋਂ ਮੂੰਹ ਮੋੜ ਲੈ ।

21ਕਈ ਲੋਕ ਉਸ ਗਿਆਨ ਨੂੰ ਮੰਨ ਕੇ ਵਿਸ਼ਵਾਸ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ । ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ । ਆਮੀਨ ।



 <<  1 Timothy 6 >> 


Bible2india.com
© 2010-2024
Help
Single Panel

Laporan Masalah/Saran